ਜ਼ਬੂਰ 102
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2017, 2019)
1
¶ ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ!
2
ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ!
3
ਮੇਰੇ ਜਿਉਣ ਦੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ।
4
ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ।
5
ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।
6
ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ, ਅਤੇ ਵਿਰਾਨੇ ਦਾ ਉੱਲੂ ਬਣਿਆ!
7
ਮੈਂ ਜਾਗਦਾ ਰਿਹਾ ਅਤੇ ਉਸ ਚਿੜ੍ਹੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ।
8
ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, ਅਤੇ ਮੇਰੇ ਜਾਨੀ ਦੁਸ਼ਮਣ ਮੇਰਾ ਨਾਮ ਲੈ ਕੇ ਫਿਟਕਾਰਾਂ ਪਾਉਂਦੇ ਹਨ।
9
ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, ਅਤੇ ਆਪਣੇ ਪੀਣ ਵਿੱਚ ਹੰਝੂ ਮਿਲਾਉਂਦਾ ਹਾਂ।
10
ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ!
11
ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ।
12
ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੱਕ!
13
ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ।
14
ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ।
15
ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈਅ ਖਾਣਗੀਆਂ, ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ।
16
ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ।
17
ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ।
18
ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ।
19
ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ,
20
ਕਿ ਗ਼ੁਲਾਮ ਦਾ ਹਾਉਂਕਾ ਸੁਣੇ, ਅਤੇ ਮਰਨ ਵਾਲਿਆਂ ਨੂੰ ਛੁਡਾਵੇ,
21
ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ,
22
ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।
23
ਆਪਣੀ ਸਮਰੱਥਾ ਨਾਲ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, ਉਸ ਨੇ ਮੇਰੀ ਉਮਰ ਨੂੰ ਘਟਾਇਆ।
24
ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, ਪੀੜ੍ਹੀਓਂ ਪੀੜ੍ਹੀ ਤੇਰੇ ਵਰ੍ਹੇ ਹਨ!
25
ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ।
26
ਉਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਉਹ ਬਦਲ ਜਾਣਗੇ!
27
ਪਰ ਤੂੰ ਉਹ ਹੀ ਹੈਂ, ਅਤੇ ਤੇਰੇ ਜੀਵਨ ਦੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।
28
ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁਖ ਕਾਇਮ ਰਹੇਗੀ।