ਜ਼ਬੂਰ 7
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2017, 2019)
1
ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ! ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ,
2
ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂੰ ਮੇਰੀ ਜਿੰਦ ਨੂੰ ਪਾੜ ਖਾਵੇ, ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ-ਟੋਟੇ ਕਰ ਛੱਡੇ।
3
ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੇਰੇ ਕੋਲੋਂ ਇਹ ਹੋਇਆ ਹੋਵੇ, ਜੇ ਮੇਰੇ ਹੱਥੋਂ ਬਦੀ ਹੋਈ ਹੋਵੇ,
4
ਜੇ ਮੈਂ ਆਪਣੇ ਸਾਥੀ ਨਾਲ ਬੁਰਿਆਈ ਕੀਤੀ ਹੋਵੇ, ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ
5
ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਧ ਦੇਵੇ, ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ। ਸਲਹ।
6
ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ, ਅਤੇ ਮੇਰੇ ਲਈ ਜਾਗ। ਤੂੰ ਨਿਆਂ ਦਾ ਹੁਕਮ ਕੀਤਾ ਹੈ।
7
ਉੱਮਤਾਂ ਦੀ ਮੰਡਲੀ ਮੇਰੇ ਦੁਆਲੇ ਆਵੇ, ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਨੂੰ ਮੁੜ ਜਾ।
8
ਯਹੋਵਾਹ ਕੌਮਾਂ ਦਾ ਨਿਆਂ ਕਰੇਗਾ, ਹੇ ਯਹੋਵਾਹ, ਮੇਰੇ ਧਰਮ ਅਤੇ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ।
9
ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ, ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਤੇ ਗੁਰਦਿਆਂ ਨੂੰ ਜਾਚਦਾ ਹੈਂ।
10
ਮੇਰੀ ਢਾਲ਼ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ।
11
ਪਰਮੇਸ਼ੁਰ ਸੱਚਾ ਨਿਆਈਂ ਹੈ, ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਕ੍ਰੋਧਵਾਨ ਰਹਿੰਦਾ ਹੈ।
12
ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, ਉਸ ਨੇ ਆਪਣਾ ਧਣੁੱਖ ਝੁਕਾ ਕੇ ਤਿਆਰ ਕਰ ਰੱਖਿਆ ਹੈ।
13
ਉਹ ਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, ਉਹ ਆਪਣੇ ਤੀਰਾਂ ਨੂੰ ਅਗਨ-ਬਾਣ ਬਣਾਉਂਦਾ ਹੈ।
14
ਵੇਖੋ, ਦੁਸ਼ਟ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।
15
ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ।
16
ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, ਅਤੇ ਉਸ ਦਾ ਅਨ੍ਹੇਰ ਉਸੇ ਦੇ ਸਿਰ ਉੱਤੇ ਪਵੇਗਾ।
17
ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ।